ਇੰਦੌਰ ਮਾਡਲ ਅਪਣਾਏ ਬਿਨਾ ਸਾਫ਼ ਨਹੀਂ ਹੋ ਸਕਦਾ ਜੀਰਕਪੁਰ ਸ਼ਹਿਰ:ਸੰਜੀਵ ਖੰਨਾ

ਨਗਰ ਕੌਂਸਲ ਅੱਗੇ ਰੱਖਿਆ ਸਫਾਈ ਦਾ 10 ਸੁਤਰਾਂ ‘ਤੇ ਆਧਾਰਿਤ ਰੋਡਮੈਪ

ਜੀਰਕਪੁਰ,19 ਜੁਲਾਈ(ਹਿਮਾਂਸ਼ੂ ਹੈਰੀ):ਦੇਸ਼ ’ਚ ਲਗਾਤਾਰ ਅੱਠਵੀਂ ਵਾਰੀ ਸਫਾਈ ’ਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਇੰਦੌਰ ਨੇ ਹੋਰ ਸ਼ਹਿਰਾਂ ਲਈ ਇੱਕ ਆਦਰਸ਼ ਪੇਸ਼ ਕੀਤਾ ਹੈ। ਦੂਜੇ ਪਾਸੇ ਜੀਰਕਪੁਰ ਦੀ ਹਾਲਤ ਇਸ ਦੇ ਬਿਲਕੁਲ ਉਲਟ ਹੈ ਸਵੱਛਤਾ ਸਰਵੇਖਣ 2025 ਵਿੱਚ ਜੀਰਕਪੁਰ ਦੇਸ਼ ਭਰ ਵਿੱਚ 225ਵੇਂ ਅਤੇ ਪੰਜਾਬ ਵਿੱਚ 26ਵੇਂ ਸਥਾਨ ’ਤੇ ਲੁੱਢਕ ਗਿਆ। ਹੁਣ ਸਵਾਲ ਇਹ ਹੈ ਕਿ ਕੀ ਜੀਰਕਪੁਰ ਵੀ ਇੰਦੌਰ ਦੀ ਰਾਹਾਂ ‘ਤੇ ਤੁਰ ਕੇ ਆਪਣੇ ਆਪ ਨੂੰ ਗੰਦਗੀ ਅਤੇ ਅਵਵਿਵਸਥਾ ਤੋਂ ਬਚਾ ਸਕਦਾ ਹੈ। ਭਾਜਪਾ ਆਗੂ ਸੰਜੀਵ ਖੰਨਾ ਨੇ ਇਸਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਿਹਾ ਕਿ ਜੇ ਨਗਰ ਕੌਂਸਲ ਜੀਰਕਪੁਰ ਸਚਮੁੱਚ ਇੰਦੌਰ ਮਾਡਲ ਨੂੰ ਅਪਣਾਏ, ਤਾਂ ਹਾਲਾਤਾਂ ਵਿੱਚ ਇਨਕਲਾਬੀ ਤਬਦੀਲੀ ਆ ਸਕਦੀ ਹੈ। ਜੀਰਕਪੁਰ ਲਈ ਤਿਆਰ ਕੀਤੇ 10 ਬਿੰਦੂਆਂ ‘ਤੇ ਆਧਾਰਤ ਇਹ ਰੋਡਮੈਪ ਇਹ ਸਾਫ਼ ਕਰਦਾ ਹੈ ਕਿ ਕਿੱਥੇ ਕਿੱਥੇ ਸੁਧਾਰ ਦੀ ਲੋੜ ਹੈ ਅਤੇ ਕਿਵੇਂ ਇਸਨੂੰ ਇੰਦੌਰ ਵਰਗੀ ਵਿਵਸਥਾ ਵਿੱਚ ਬਦਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਜ਼ੋਰ ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ‘ਤੇ ਹੋਣਾ ਚਾਹੀਦਾ ਹੈ, ਜਿਸ ‘ਚ ਗੱਡੀਆਂ ਨੂੰ ਜੀਪੀਐਸ ਰਾਹੀਂ ਟਰੈਕ ਕੀਤਾ ਜਾਵੇ ਅਤੇ ਸਮਾਂ ਨਿਰਧਾਰਤ ਹੋਵੇ, ਤਾਂ ਜੋ ਕਿਸੇ ਵੀ ਮੋਹੱਲੇ ‘ਚ ਦਿਨਾਂ ਤੱਕ ਕੂੜਾ ਨਾ ਸੜਦਾ ਰਹੇ। ਨਾਲ ਹੀ ਹਰ ਘਰ ‘ਚ ਸੁੱਕਾ ਅਤੇ ਗਿੱਲਾ ਕੂੜਾ ਵੱਖ-ਵੱਖ ਇਕੱਠਾ ਕਰਨ ਦੀ ਵਿਵਸਥਾ ਹੋਵੇ ਅਤੇ ਅਜਿਹਾ ਨਾ ਕਰਨ ‘ਤੇ ਚੇਤਾਵਨੀ ਦੇਣ ਤੋਂ ਬਾਅਦ ਜੁਰਮਾਨਾ ਲਾਇਆ ਜਾਵੇ। ਇੰਦੌਰ ਦੀ ਸਭ ਤੋਂ ਵੱਡੀ ਤਾਕਤ ਉਸ ਦੀ ਤਕਨੀਕੀ ਯੋਗਤਾ ਰਹੀ ਹੈ। ਉੱਥੇ ਨਾਗਰਿਕ ਮੋਬਾਈਲ ਐਪ ਰਾਹੀਂ ਕੂੜਾ ਉਠਵਾਣ ਦੀ ਸ਼ਿਕਾਇਤ ਕਰ ਸਕਦੇ ਹਨ, ਵਾਹਨ ਦੀ ਲੋਕੇਸ਼ਨ ਟਰੈਕ ਕਰ ਸਕਦੇ ਹਨ ਅਤੇ ਹਰ ਪੱਧਰ ‘ਤੇ ਪਾਰਦਰਸ਼ਤਾ ਬਣੀ ਰਹਿੰਦੀ ਹੈ। ਜੀਰਕਪੁਰ ਵਿੱਚ ਅਜਿਹੀ ਕੋਈ ਵਿਵਸਥਾ ਨਾ ਹੋਣ ਕਰਕੇ ਨਾਗਰਿਕਾਂ ਦੀਆਂ ਸ਼ਿਕਾਇਤਾਂ ਸਿਰਫ਼ ਫਾਈਲਾਂ ‘ਚ ਹੀ ਦੱਬੀਆਂ ਰਹਿ ਜਾਂਦੀਆਂ ਹਨ।ਇਸਦੇ ਉਲਟ, ਇੰਦੌਰ ਵਰਗੇ ਸ਼ਹਿਰਾਂ ਨੇ ਕੂੜੇ ਤੋਂ ਕੰਪੋਸਟ ਅਤੇ ਬਾਇਓ ਗੈਸ ਵਰਗੇ ਸਰੋਤ ਪੈਦਾ ਕੀਤੇ ਹਨ। ਜੀਰਕਪੁਰ ‘ਚ ਅਜੇ ਤੱਕ ਨਾ ਤਾਂ ਕੋਈ ਕੰਪੋਸਟ ਯੂਨਿਟ ਹੈ ਅਤੇ ਨਾ ਹੀ ਕੋਈ ਪਲਾਸਟਿਕ ਪ੍ਰੋਸੈਸਿੰਗ ਸੈਂਟਰ। ਜੇ ਨਗਰ ਕੌਂਸਲ ਇਹ ਕਦਮ ਚੁੱਕੇ, ਤਾਂ ਨਾ ਸਿਰਫ਼ ਗੰਦਗੀ ਘਟੇਗੀ, ਸਗੋਂ ਇਸ ਤੋਂ ਆਮਦਨ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ਦੀ ਗੱਲ ਕਰੀਏ ਤਾਂ ਇੰਦੌਰ ਵਿੱਚ ਹਰ ਬਾਜ਼ਾਰ, ਚੌਕ ਅਤੇ ਪਾਰਕ ਵਿੱਚ ਢੱਕਣ ਵਾਲੇ ਡਸਟਬਿਨ ਅਤੇ ਸਖ਼ਤ ਸਫਾਈ ਵਿਵਸਥਾ ਹੈ, ਜਦਕਿ ਜੀਰਕਪੁਰ ਵਿੱਚ ਡਸਟਬਿਨਾਂ ਦੀ ਭਾਰੀ ਘਾਟ ਹੈ ਅਤੇ ਸ਼ੌਚਾਲਿਆਂ ਦੀ ਹਾਲਤ ਤਾਂ ਹੋਰ ਵੀ ਖਰਾਬ ਹੈ—ਜਿੱਥੇ ਇੰਦੌਰ ਵਿੱਚ ਸਾਫ-ਸੁਥਰੇ ਟਾਇਲਟ ਬਲੌਕ ਹਨ, ਉੱਥੇ ਜੀਰਕਪੁਰ ਵਿੱਚ ਟਾਇਲਟ ਲੱਭਣਾ ਵੀ ਔਖਾ ਹੈ। ਇੱਕ ਹੋਰ ਵੱਡਾ ਅੰਤਰ ਜਨ-ਭਾਗੀਦਾਰੀ ਵਿੱਚ ਵੇਖਣ ਨੂੰ ਮਿਲਦਾ ਹੈ। ਇੰਦੌਰ ਵਿੱਚ ਸਕੂਲ, ਸਮਾਜ ਸੇਵੀ ਸੰਸਥਾਵਾਂ ਅਤੇ ਰਿਹਾਇਸ਼ੀ ਵੈਲਫੇਅਰ ਐਸੋਸੀਏਸ਼ਨ ਮਿਲ ਕੇ “ਸਵੱਛਤਾ ਸੈਨਾ” ਵਰਗੇ ਅਭਿਆਨਾਂ ਵਿੱਚ ਭਾਗ ਲੈਂਦੇ ਹਨ। ਬੱਚੇ ਨੁੱਕੜ ਨਾਟਕ ਕਰਦੇ ਹਨ, ਗੀਤਾਂ ਰਾਹੀਂ ਜਾਗਰੂਕਤਾ ਫੈਲਾਂਦੇ ਹਨ। ਉੱਥੇ ਜੀਰਕਪੁਰ ਵਿੱਚ ਜਾਗਰੂਕਤਾ ਮੁਹਿੰਮ ਸਿਰਫ਼ ਨਾਂਮਾਤਰ ਦੀਆਂ ਹਨ। ਕੋਈ “ਹੱਲਾ ਬੋਲ” ਨਹੀਂ, ਕੋਈ “ਸਵੱਛਤਾ ਰੈਲੀ” ਨਹੀਂ। ਇੰਦੌਰ ਨੇ ਕੂੜਾ ਫੈਲਾਉਣ ਵਾਲਿਆਂ ‘ਤੇ ਸੀਸੀਟੀਵੀ ਰਾਹੀਂ ਨਿਗਰਾਨੀ ਰੱਖੀ ਅਤੇ ਥਾਂ ‘ਤੇ ਹੀ ਚਾਲਾਨ ਕੱਟੇ, ਜਦਕਿ ਜੀਰਕਪੁਰ ਵਿੱਚ ਕੋਈ ਨਿਗਰਾਨੀ ਤੰਤਰ ਮੌਜੂਦ ਨਹੀਂ। ਲੋਕ ਖੁੱਲ੍ਹੇਆਮ ਕੂੜਾ ਸੁੱਟਦੇ ਹਨ ਅਤੇ ਪਰਸ਼ਾਸਨ ਸਿਰਫ਼ ਦਰਸ਼ਕ ਬਣ ਕੇ ਬੈਠਿਆ ਰਹਿੰਦਾ ਹੈ। ਜੇ ਨਗਰ ਕੌਂਸਲ ਜੀਰਕਪੁਰ ਵਿੱਚ ਸਚਮੁੱਚ ਤਬਦੀਲੀ ਲਿਆਉਣੀ ਚਾਹੁੰਦੀ ਹੈ, ਤਾਂ ਉਸਨੂੰ ਇੱਕ ਸਮਰਪਿਤ ‘ਸਵੱਛਤਾ ਕੰਟਰੋਲ ਰੂਮ’ ਬਣਾਉਣਾ ਪਵੇਗਾ, ਜੋ ਹਰ ਸ਼ਿਕਾਇਤ ‘ਤੇ ਸਮੇਂ ਸਿਰ ਕਾਰਵਾਈ ਕਰੇ ਅਤੇ ਹਰ ਹਫਤੇ ਜਨਤਕ ਸਮੀਖਿਆ ਜਾਰੀ ਕਰੇ।ਖੰਨਾ ਨੇ ਕਿਹਾ ਕਿ ਜਨਤਾ ਹੁਣ ਝੂਠੇ ਵਾਅਦਿਆਂ ਤੋਂ ਤੰਗ ਆ ਚੁੱਕੀ ਹੈ। ਜੇ ਸ਼ਹਿਰ ਨੂੰ ਸਾਫ਼ ਕਰਨਾ ਹੈ, ਤਾਂ ਉਸਨੂੰ ਇੰਦੌਰ ਵਰਗਾ ਬਣਾਉਣਾ ਹੀ ਪਵੇਗਾ।10 ਬਿੰਦੂਆਂ ਵਾਲਾ ਇਹ ਰੋਡਮੈਪ ਜੀਰਕਪੁਰ ਲਈ ਇੱਕ ਆਖਰੀ ਮੌਕਾ ਹੈ ਜਾਂ ਤਾਂ ਸਫਾਈ ਵਿਵਸਥਾ ਨੂੰ ਬਦਲਣਾ ਪਵੇਗਾ ਜਾਂ ਫਿਰ ਅਗਲੀ ਰੈਂਕਿੰਗ ਵਿੱਚ ਹੋਰ ਵੀ ਹੇਠਾਂ ਜਾਣ ਲਈ ਤਿਆਰ ਰਹਿਣਾ ਪਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਜੀਰਕਪੁਰ ਪਰਸ਼ਾਸਨ ਨੂੰ ਚੰਡੀਗੜ੍ਹ ਤੋਂ ਵੀ ਸਿੱਖ ਲੈਣੀ ਚਾਹੀਦੀ ਹੈ, ਜਿੱਥੇ 2023 ਵਿੱਚ ਰੈਂਕਿੰਗ ਵਿੱਚ 11ਵਾਂ ਸਥਾਨ ਸੀ, ਪਰ ਹੁਣ ਚੰਡੀਗੜ੍ਹ ਪਰਸ਼ਾਸਨ ਨੇ ਸ਼ਾਨਦਾਰ ਸੁਧਾਰ ਕਰਕੇ ਚੰਡੀਗੜ੍ਹ ਨੂੰ ਦੂਜੇ ਰੈਂਕ ’ਤੇ ਲਿਆ ਖੜਾ ਕੀਤਾ ਹੈ।

Leave a Reply

Your email address will not be published. Required fields are marked *