ਵਿਧਾਇਕਾ ਨੀਨਾ ਮਿੱਤਲ ਹੁਣ ਰਾਜਪੁਰਾ ਸਮੇਤ ਪੂਰੇ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਉਠਾ ਸਕਣਗੇ
ਰਾਜਪੁਰਾ ਸਮੇਤ ਪੂਰੇ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਨੂੰ ਉਠਾਕੇ ਵਿਧਾਇਕਾ ਨੀਨਾ ਮਿੱਤਲ ਸਰਕਾਰ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਨੂੰ ਹੋਰ ਮਜ਼ਬੂਤ ਕਰਨਗੇ

ਪਟਿਆਲਾ/ਰਾਜਪੁਰਾ,10 ਅਗਸਤ(ਹਿਮਾਂਸ਼ੂ ਹੈਰੀ):ਆਮ ਆਦਮੀ ਪਾਰਟੀ ਸੀਨੀਅਰ ਲੀਡਰਸ਼ਿਪ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ, ਪੰਜਾਬ ਇੰਚਾਰਜ ਮੁਨੀਸ਼ ਸਿਸੋਦੀਆ, ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਰਾਜਪੁਰਾ ਵਿਧਾਇਕਾ ਮੈਡਮ ਨੀਨਾ ਮਿੱਤਲ ਨੂੰ ਸਾਲ 2025-26 ਲਈ ਪੰਜਾਬ ਵਿਧਾਨ ਸਭਾ ਦੀ ਕੁਐਸਚਨਜ ਐਂਡ ਰੇਫਰੇਂਸੇਜ ਕਮੇਟੀ ਦੇ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਹੈ। ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਸੌਂਪੀ ਗਈ ਇਸ ਨਵੀਂ ਜਿੰਮੇਵਾਰੀ ਨੂੰ ਲੈ ਕੇ ਹਲਕਾ ਰਾਜਪੁਰਾ ਦੇ ਆਮ ਆਦਮੀ ਪਾਰਟੀ ਦੇ ਸਮੂਹ ਵਲੰਟੀਅਰਾਂ, ਅਹੁਦੇਦਾਰਾਂ, ਪੰਚਾਂ ਅਤੇ ਸਰਪੰਚਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।ਵਿਧਾਇਕਾ ਨੀਨਾ ਮਿੱਤਲ ਦੀ ਸਿਆਸੀ ਸੇਵਾ, ਲੋਕਾਂ ਨਾਲ ਸਿੱਧਾ ਸੰਪਰਕ ਅਤੇ ਹਲਕੇ ਦੀਆਂ ਸਮੱਸਿਆਵਾਂ ਨੂੰ ਵਿਧਾਨ ਸਭਾ ਵਿੱਚ ਜ਼ੋਰਦਾਰ ਢੰਗ ਨਾਲ ਉਠਾਉਣ ਦੇ ਅੰਦਾਜ਼ ਨੇ ਉਨ੍ਹਾਂ ਨੂੰ ਪਾਰਟੀ ਅਤੇ ਜਨਤਾ ਦੋਵਾਂ ਵਿੱਚ ਵਿਸ਼ੇਸ਼ ਮਾਣ ਦਿੱਤਾ ਹੈ। ਕੁਐਸਚਨਜ ਐਂਡ ਰੇਫਰੇਂਸੇਜ ਕਮੇਟੀ ਵਿਧਾਨ ਸਭਾ ਦੇ ਕੰਮਕਾਜ ਵਿੱਚ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਹ ਕਮੇਟੀ ਵਿਧਾਇਕਾਂ ਵੱਲੋਂ ਪੁੱਛੇ ਜਾਣ ਵਾਲੇ ਸਵਾਲਾਂ, ਉਨ੍ਹਾਂ ਦੇ ਜਵਾਬਾਂ ਦੀ ਪੜਤਾਲ ਅਤੇ ਸਬੰਧਤ ਕਾਰਵਾਈ ਦੀ ਜਾਂਚ ਕਰਦੀ ਹੈ। ਇਸ ਕਮੇਟੀ ਦੇ ਮੈਂਬਰ ਵਜੋਂ ਵਿਧਾਇਕਾ ਨੀਨਾ ਮਿੱਤਲ ਹੁਣ ਰਾਜਪੁਰਾ ਸਮੇਤ ਪੂਰੇ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅਗੇ ਲੈ ਕੇ ਜਾ ਸਕਣਗੇ।ਪਾਰਟੀ ਦੇ ਸਥਾਨਕ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਇਹ ਨਿਯੁਕਤੀ ਸਿਰਫ਼ ਵਿਧਾਇਕਾ ਨੀਨਾ ਮਿੱਤਲ ਦੀ ਕਾਰਗੁਜ਼ਾਰੀ ਦੀ ਸਵੀਕ੍ਰਿਤੀ ਨਹੀਂ ਹੈ, ਸਗੋਂ ਹਲਕਾ ਰਾਜਪੁਰਾ ਲਈ ਵੀ ਮਾਣ ਦੀ ਗੱਲ ਹੈ। ਪਿਛਲੇ ਕੁਝ ਸਾਲਾਂ ਵਿੱਚ ਵਿਧਾਇਕਾ ਨੀਨਾ ਮਿੱਤਲ ਨੇ ਹਲਕੇ ਦੇ ਵਿਕਾਸ ਕਾਰਜਾਂ, ਸੜਕਾਂ ਦੇ ਸੁਧਾਰ, ਸਿਹਤ ਸੇਵਾਵਾਂ ਦੇ ਵਾਧੇ ਅਤੇ ਨੌਜਵਾਨਾਂ ਲਈ ਰੋਜ਼ਗਾਰ ਮੌਕਿਆਂ ‘ਤੇ ਖਾਸ ਧਿਆਨ ਦਿੱਤਾ ਹੈ। ਉਨ੍ਹਾਂ ਦੀ ਮਿਹਨਤ ਅਤੇ ਲੋਕਾਂ ਦੇ ਹਿੱਤਾਂ ਲਈ ਵਚਨਬੱਧਤਾ ਨੇ ਉਨ੍ਹਾਂ ਨੂੰ ਪਾਰਟੀ ਦੇ ਸਿਖਰਲੇ ਨੇਤ੍ਰਿਤਵ ਵਿੱਚ ਇੱਕ ਮਜ਼ਬੂਤ ਪਹਿਚਾਣ ਦਿਵਾਈ ਹੈ। ਇਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਮੰਤਰੀ ਅਤੇ ਵਿਧਾਇਕ ਅਨਮੋਲ ਗਗਨ ਮਾਨ ਇਸ ਕਮੇਟੀ ਦੇ ਮੈਂਬਰ ਸਨ। ਰਾਜਪੁਰਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੀ ਨਿਯੁਕਤੀ ਨਾਲ ਪਾਰਟੀ ਨੂੰ ਭਰੋਸਾ ਹੈ ਕਿ ਉਹ ਕਮੇਟੀ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਉਂਦਿਆਂ ਸਰਕਾਰ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਨੂੰ ਹੋਰ ਮਜ਼ਬੂਤ ਕਰਨਗੇ।ਹਲਕੇ ਦੇ ਪੰਚਾਂ, ਸਰਪੰਚਾਂ ਅਤੇ ਵਲੰਟੀਅਰਾਂ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਨਵੀਂ ਜਿੰਮੇਵਾਰੀ ਸਿਰਫ਼ ਉਨ੍ਹਾਂ ਦੇ ਨਿੱਜੀ ਸਿਆਸੀ ਸਫ਼ਰ ਦਾ ਉੱਚਾ ਮੋੜ ਨਹੀਂ ਹੈ, ਸਗੋਂ ਹਲਕੇ ਦੇ ਹਿੱਤਾਂ ਨੂੰ ਅਗੇ ਵਧਾਉਣ ਦਾ ਸੁਨਹਿਰਾ ਮੌਕਾ ਵੀ ਹੈ। ਲੋਕਾਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਵਿਧਾਇਕਾ ਨੀਨਾ ਮਿੱਤਲ ਹਮੇਸ਼ਾਂ ਦੀ ਤਰ੍ਹਾਂ ਹੀ ਲੋਕਾਂ ਦੀਆਂ ਆਵਾਜ਼ਾਂ ਨੂੰ ਵਿਧਾਨ ਸਭਾ ਵਿੱਚ ਪਹੁੰਚਾਉਣ ਵਿੱਚ ਮੋਹਰੀ ਭੂਮਿਕਾ ਨਿਭਾਉਣਗੇ।ਇਸ ਤਰ੍ਹਾਂ ਨੀਨਾ ਮਿੱਤਲ ਦੀ ਨਿਯੁਕਤੀ ਪਾਰਟੀ ਦੇ ਭਰੋਸੇ, ਲੋਕਾਂ ਦੇ ਪਿਆਰ ਅਤੇ ਉਨ੍ਹਾਂ ਦੀ ਸਿਆਸੀ ਸਮਰਪਣ ਦਾ ਜੀਵੰਤ ਸਬੂਤ ਹੈ, ਜੋ ਹਲਕਾ ਰਾਜਪੁਰਾ ਦੇ ਭਵਿੱਖੀ ਵਿਕਾਸ ਲਈ ਇਕ ਹੋਰ ਪੱਕਾ ਕਦਮ ਸਾਬਤ ਹੋਵੇਗਾ।ਇਸ ਨਵੀਂ ਜਿੰਮੇਵਾਰੀ ਨਾਲ ਜਿਥੇ ਹਲਕਾ ਰਾਜਪੁਰਾ ਵਿੱਚ ਖੁਸ਼ੀ ਦੀ ਲਹਿਰ ਹੈ, ਉਥੇ ਪਾਰਟੀ ਅਹੁਦੇਦਾਰਾਂ ਅਤੇ ਵਲੰਟੀਅਰ ਵਿਧਾਇਕਾ ਮੈਡਮ ਨੀਨਾ ਮਿੱਤਲ ਨੂੰ ਮੁਬਾਰਕਾਂ ਦਿੱਤੀਆਂ।