ਡੇਰਾ ਬੱਸੀ/ਲਾਲੜੂ(ਹਿਮਾਂਸ਼ੂ ਹੈਰੀ):ਪੰਜਾਬ ਦੇ ਮੋਹਾਲੀ ਜ਼ਿਲੇ ਦੇ ਲਾਲੜੂ ਥਾਣਾ ਖੇਤਰ ਦੇ ਲਹਲੀ ਇਲਾਕੇ ‘ਚ ਐਤਵਾਰ ਸਵੇਰੇ ਪੁਲਸ ਅਤੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਵਿਚਾਲੇ ਮੁਕਾਬਲਾ ਹੋਇਆ, ਜਿਸ ਦੌਰਾਨ ਦੋਸ਼ੀਆਂ ਨੇ ਪਿੱਛਾ ਕਰ ਰਹੀ ਪੁਲਸ ਦੀ ਗੱਡੀ ‘ਤੇ ਤਿੰਨ ਰਾਊਂਡ ਫਾਇਰ ਕੀਤੇ। ਇਸ ਦੌਰਾਨ ਪੁਲੀਸ ਵੱਲੋਂ ਕੀਤੀ ਗੋਲੀਬਾਰੀ ਵਿੱਚ ਇੱਕ ਲੁਟੇਰਾ ਸਤਿੰਦਰ ਸਿੰਘ ਸੱਤੀ ਵਾਸੀ ਦੰਦਰਾਲਾ (ਡੇਰਾਬੱਸੀ) ਜ਼ਖ਼ਮੀ ਹੋ ਗਿਆ, ਜਦਕਿ ਉਸ ਦਾ ਦੂਜਾ ਸਾਥੀ ਫਰਾਰ ਹੋ ਗਿਆ। ਜ਼ਖ਼ਮੀ ਵਿਅਕਤੀ ਨੂੰ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਤੇ ਉਸ ਤੋਂ ਬਾਅਦ ਉਸ ਦੀ ਹਾਲਤ ਨੂੰ ਵੇਖਦਿਆਂ ਹੋਇਆਂ ਚੰਡੀਗੜ੍ਹ ਦੇ ਸੈਕਟਰ 32 ਹੋਸਪੀਟਲ ਵਿੱਚ ਰੈਫਰ ਕਰ ਦਿੱਤਾ ਗਿਆ ਪੁਲਿਸ ਨੇ ਮੌਕੇ ਤੋਂ ਇੱਕ ਮੋਟਰਸਾਈਕਲ ਅਤੇ ਇੱਕ ਪਿਸਤੌਲ ਬਰਾਮਦ ਕੀਤਾ ਹੈ। ਘਟਨਾ ਤੋਂ ਬਾਅਦ ਮੌਕੇ ‘ਤੇ ਵੱਡੀ ਗਿਣਤੀ ‘ਚ ਪੁਲਸ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਫਰਾਰ ਵਿਅਕਤੀ ਦੀ ਭਾਲ ਜਾਰੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ (ਦਿਹਾਤੀ) ਮਨਪ੍ਰੀਤ ਸਿੰਘ ਅਤੇ ਡੀਐਸਪੀ ਸਬ ਡਵੀਜ਼ਨ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ 3 ਨਵੰਬਰ ਅਤੇ 11 ਨਵੰਬਰ ਨੂੰ ਚੰਡੀਗੜ੍ਹ ਅੰਬਾਲਾ ਹਾਈਵੇਅ ’ਤੇ ਬੰਦੂਕ ਦੀ ਨੋਕ ’ਤੇ ਲੋਕਾਂ ਨੂੰ ਲੁੱਟਣ ਦੀਆਂ ਘਟਨਾਵਾਂ ਵਾਪਰੀਆਂ ਸਨ, ਜਿਸ ਦੇ ਸਬੰਧ ਵਿੱਚ 2 ਸੀ. ਐਫਆਈਆਰ ਦਰਜ ਕਰਕੇ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਸਤਿੰਦਰ ਸਿੰਘ ਸੱਤੀ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਜਿਸ ਬਾਰੇ ਗੁਪਤ ਸੂਚਨਾ ਮਿਲੀ ਸੀ ਕਿ ਅੱਜ ਉਹ ਆਪਣੇ ਸਾਥੀ ਨਾਲ ਮੋਟਰਸਾਈਕਲ ‘ਤੇ ਲੈਹਲੀ ਇਲਾਕੇ ‘ਚ ਕਿਤੇ ਜਾ ਰਿਹਾ ਸੀ। ਜਿਸ ਤੋਂ ਬਾਅਦ ਡੀ.ਐਸ.ਪੀ ਸਬ ਡਵੀਜ਼ਨ ਡੇਰਾਬਸੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਲਾਹਲੀ ਇਲਾਕੇ ‘ਚ ਹਾਈਵੇਅ ‘ਤੇ ਇੱਕ ਡਰੇਨ ਨੇੜੇ ਪੁਲਿਸ ਦੀ ਗੱਡੀ ‘ਤੇ ਤਿੰਨ ਰਾਉਂਡ ਫਾਇਰਿੰਗ ਕਰਨ ਵਾਲੇ ਮੁਲਜ਼ਮਾਂ ਦਾ ਪਿੱਛਾ ਕੀਤਾ, ਜਿਸ ਨਾਲ ਪੁਲਿਸ ਦੀ ਗੱਡੀ ਜਾ ਟਕਰਾਈ। ਜਵਾਬੀ ਕਾਰਵਾਈ ‘ਚ ਪੁਲਿਸ ਨੇ ਵੀ ਫਾਇਰਿੰਗ ਕੀਤੀ, ਜਿਸ ਦੌਰਾਨ ਸਤਿੰਦਰ ਸੱਤੀ ਦੀ ਲੱਤ ‘ਚ ਗੋਲੀ ਲੱਗ ਗਈ, ਜਦਕਿ ਉਸਦਾ ਸਾਥੀ ਝਾੜੀਆਂ ਦਾ ਫਾਇਦਾ ਉਠਾ ਕੇ ਫਰਾਰ ਹੋ ਗਿਆ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਜ਼ਖ਼ਮੀ ਸਤਿੰਦਰ ਸੱਤੀ ਨੂੰ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।ਮੌਕੇ ਤੋਂ ਇੱਕ ਮੋਟਰਸਾਈਕਲ ਅਤੇ ਦੇਸੀ ਪਿਸਤੌਲ ਬਰਾਮਦ ਹੋਇਆ ਹੈ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।