ਹਲਕੇ ਵਿੱਚ ਨਿਰਪੱਖ ਪ੍ਰਸ਼ਾਸਨਿਕ ਸੇਵਾਵਾਂ ਅਤੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਜਾਵੇਗਾ: ਵਿਧਾਇਕਾ ਨੀਨਾ ਮਿੱਤਲ

ਰਾਜਪੁਰਾ,08 ਅਗਸਤ(ਹਿਮਾਂਸ਼ੂ ਹੈਰੀ):ਹਲਕਾ ਰਾਜਪੁਰਾ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਨੂੰ ਨਿਰਪੱਖ, ਪਾਰਦਰਸ਼ੀ ਅਤੇ ਤੇਜ਼ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਹ ਅੱਜ ਆਪਣੇ ਰਾਜਪੁਰਾ ਸਥਿਤ ਦਫ਼ਤਰ ਵਿੱਚ ਹਲਕਾ ਵਾਸੀਆਂ ਦੀਆਂ ਸਮੱਸਿਆਵਾਂ ਸੁਣ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਮੁਸ਼ਕਲਾਂ ਦਾ ਤੁਰੰਤ ਹੱਲ ਕਰਨ ਲਈ ਸਪਸ਼ਟ ਨਿਰਦੇਸ਼ ਦਿੱਤੇ।ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਸੂਬਾ ਸਰਕਾਰ ਦਾ ਮੁੱਖ ਧਿਆਨ ਆਉਣ ਵਾਲੀਆਂ ਪੀੜ੍ਹੀਆਂ ਲਈ ਬਿਹਤਰ ਭਵਿੱਖ ਸੁਨਿਸ਼ਚਿਤ ਕਰਨਾ ਹੈ। ਅਸੀਂ ਸਿਰਫ਼ ਵਰਤਮਾਨ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਤੱਕ ਸੀਮਿਤ ਨਹੀਂ, ਸਗੋਂ ਲੰਬੇ ਸਮੇਂ ਲਈ ਵਿਕਾਸ ਅਤੇ ਸੁਧਾਰ ਦੀ ਯੋਜਨਾ ਬਣਾ ਕੇ ਕੰਮ ਕਰ ਰਹੇ ਹਾਂ। ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਦੱਸਿਆ ਕਿ ਉਹ ਹਲਕੇ ਦੇ ਹਰੇਕ ਵਰਗ ਦੇ ਲੋਕਾਂ ਖਾਸ ਕਰਕੇ ਲੋੜਵੰਦ ਅਤੇ ਪਿੱਛੜੇ ਵਰਗ ਦੀ ਆਵਾਜ਼ ਨੂੰ ਉੱਪਰ ਤੱਕ ਪਹੁੰਚਾਉਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਹਮੇਸ਼ਾਂ ਯਤਨਸ਼ੀਲ ਹਨ। ਉਨਾ ਕਿਹਾ ਕਿ ਮੈਨੂੰ ਆਪਣੇ ਹਲਕੇ ਦੀਆਂ ਹਕੀਕੀ ਸਮੱਸਿਆਵਾਂ ਦਾ ਪੂਰਾ ਅਹਿਸਾਸ ਹੈ। ਇਨ੍ਹਾਂ ਨੂੰ ਹੱਲ ਕਰਨ ਲਈ ਮੈਂ ਖੁਦ ਮੈਦਾਨ ਵਿੱਚ ਉਤਰ ਕੇ ਅਧਿਕਾਰੀਆਂ ਨਾਲ ਸਿੱਧੀ ਗੱਲਬਾਤ ਕਰਦੀ ਹਾਂ।ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਦਰਵਾਜ਼ੇ ਤੱਕ ਸੇਵਾਵਾਂ ਪਹੁੰਚਾਉਣ ਦੇ ਸਿਧਾਂਤ ‘ਤੇ ਕੰਮ ਕਰ ਰਹੀ ਹੈ। ਇਸ ਕਾਰਨ, ਦਫ਼ਤਰਾਂ ਦੇ ਚੱਕਰ ਕੱਟਣ ਦੀ ਥਾਂ, ਲੋਕਾਂ ਦੀਆਂ ਸਮੱਸਿਆਵਾਂ ਉਨ੍ਹਾਂ ਦੇ ਆਪਣੇ ਇਲਾਕਿਆਂ ਵਿੱਚ ਹੀ ਸੁਣੀਆਂ ਅਤੇ ਹੱਲ ਕੀਤੀਆਂ ਜਾ ਰਹੀਆਂ ਹਨ। ਉਨਾ ਕਿਹਾ ਕਿ ਨਿਰਪੱਖਤਾ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਕੋਈ ਵੀ ਫ਼ੈਸਲਾ ਬਿਨਾਂ ਪੱਖਪਾਤ ਤੋਂ ਕਰਨ ਨੂੰ ਕੀਤਾ ਜਾਵੇਗਾ।ਗੱਲਬਾਤ ਦੌਰਾਨ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਤੋਂ ਆਏ ਲੋਕਾਂ ਨੇ ਪਾਣੀ ਸਪਲਾਈ, ਸੜਕਾਂ ਦੀ ਮੁਰੰਮਤ, ਸਫ਼ਾਈ ਪ੍ਰਬੰਧ, ਬਿਜਲੀ ਸਪਲਾਈ, ਸਿਹਤ ਸੇਵਾਵਾਂ ਅਤੇ ਸਿੱਖਿਆ ਨਾਲ ਜੁੜੀਆਂ ਆਪਣੀਆਂ ਚਿੰਤਾਵਾਂ ਸਾਹਮਣੇ ਰੱਖੀਆਂ। ਵਿਧਾਇਕਾ ਨੇ ਹਰੇਕ ਸ਼ਿਕਾਇਤ ਨੂੰ ਧੀਰਜ ਨਾਲ ਸੁਣਿਆ ਅਤੇ ਤੁਰੰਤ ਹੀ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰਕੇ ਹੱਲ ਲਈ ਹਦਾਇਤਾਂ ਜਾਰੀ ਕੀਤੀਆਂ।ਵਿਧਾਇਕਾ ਨੀਨਾ ਮਿੱਤਲ ਨੇ ਦਿਹਾਤੀ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿੱਚ ਬਰਾਬਰੀ ਨਾਲ ਵਿਕਾਸ ਯਕੀਨੀ ਬਣਾਉਣ ਦੀ ਗੱਲ ਕੀਤੀ। ਉਨਾ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਨੇ ਸਪਸ਼ਟ ਕੀਤਾ ਹੈ ਕਿ ਹਲਕਿਆਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਹ ਯਕੀਨੀ ਬਣਾਉਣ ਲਈ ਮੈਂ ਖੁਦ ਨਿਗਰਾਨੀ ਕਰ ਰਹੀ ਹਾਂ।ਮੈਡਮ ਨੀਨਾ ਮਿੱਤਲ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਹਲਕਾ ਰਾਜਪੁਰਾ ਚ ਸਰਕਾਰੀ ਯੋਜਨਾਵਾਂ ਅਤੇ ਸਹੂਲਤਾਂ ਦੇ ਲਾਭਪਾਤਰੀਆਂ ਨੂੰ ਸਮਾਂਬੱਧ ਲਾਭ ਪ੍ਰਾਪਤ ਹੋਵੇਗਾ।ਉਨ੍ਹਾਂ ਕਿਹਾ ਕਿ ਵਿਕਾਸ ਸਿਰਫ਼ ਢਾਂਚਾਗਤ ਹੀ ਨਹੀਂ, ਸਗੋਂ ਸਿਹਤ, ਸਿੱਖਿਆ, ਰੋਜ਼ਗਾਰ ਅਤੇ ਸਮਾਜਿਕ ਸੁਰੱਖਿਆ ਦੇ ਖੇਤਰਾਂ ਵਿੱਚ ਵੀ ਹੋਵੇਗਾ।ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਯੋਜਨਾਵਾਂ ਵਿੱਚ ਸਰਗਰਮ ਭਾਗੀਦਾਰੀ ਨਿਭਾਉਣ, ਆਪਣੀਆਂ ਸਮੱਸਿਆਵਾਂ ਖੁੱਲ੍ਹ ਕੇ ਸਾਹਮਣੇ ਰੱਖਣ ਅਤੇ ਹਲਕੇ ਦੇ ਤਰੱਕੀ ਦੇ ਯਤਨਾਂ ਵਿੱਚ ਸਹਿਯੋਗ ਦੇਣ।ਇਸ ਮੌਕੇ ਵੱਖ-ਵੱਖ ਪਿੰਡ ਦੇ ਪੰਚ ਸਰਪੰਚ ਅਤੇ ਹੋਰ ਪਾਰਟੀ ਵਰਕਰਾਂ ਆਹੁਦੇਦਾਰ ਆਮ ਲੋਕ ਮੌਜੂਦ ਸਨ।