ਰਾਤ ਦੀ ਗਸ਼ਤ ਵਧਾਉਣ, ਨਸ਼ਾ ਖ਼ਿਲਾਫ਼ ਮੁਹਿੰਮ ਤੇ ਕਾਨੂੰਨੀ ਸਖ਼ਤੀ ਦੇ ਦਿੱਤੇ ਨਿਰਦੇਸ਼

ਰਾਜਪੁਰਾ,07 ਅਗਸਤ (ਹਿਮਾਂਸ਼ੂ ਹੈਰੀ):ਹਲਕਾ ਰਾਜਪੁਰਾ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਮਿੰਨੀ ਸਕੱਤਰੇਤ ਵਿਖੇ ਰਾਜਪੁਰਾ ਪੁਲਿਸ ਅਧਿਕਾਰੀਆਂ ਨਾਲ ਕਾਨੂੰਨ ਵਿਵਸਥਾ ਸੰਬੰਧੀ ਇਕ ਮਹੱਤਵਪੂਰਨ ਮੀਟਿੰਗ ਕੀਤੀ।ਇਸ ਮੌਕੇ ਉਨ੍ਹਾਂ ਨੇ ਡੀਐਸਪੀ ਮਨਜੀਤ ਸਿੰਘ ਅਤੇ ਹਲਕੇ ਦੇ ਸਾਰੇ ਪੁਲਿਸ ਅਧਿਕਾਰੀਆਂ ਨਾਲ ਰਾਜਪੁਰਾ ‘ਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਨੂੰ ਲੈ ਕੇ ਵਿਸਥਾਰ ਨਾਲ ਵਿਚਾਰ-ਚਰਚਾ ਕੀਤੀ।ਇਸ ਮੌਕੇ ਉਨ੍ਹਾਂ ਨਾਲ ਥਾਣਾ ਸਿਟੀ ਐਸ ਐਚ ਓ ਕਿਰਪਾਲ ਸਿੰਘ ਅਤੇ ਐਡਵੋਕੇਟ ਲਵੀਸ ਮਿੱਤਲ ਵੀ ਮੋਜੂਦ ਸਨ।ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਨੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਰਾਜਪੁਰਾ ਹਲਕੇ ਦੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਵਿਚ ਰਾਤ ਦੀਆਂ ਗਸ਼ਤਾਂ ਨੂੰ ਹੋਰ ਤੇਜ਼ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਨਸ਼ਾ ਵਿਰੋਧੀ ਮੁਹਿੰਮ, ਗੈਰ-ਕਾਨੂੰਨੀ ਮਾਈਨਿੰਗ, ਭ੍ਰਿਸ਼ਟਾਚਾਰ ਅਤੇ ਅਪਰਾਧਕ ਤਤਵਾਂ ਖ਼ਿਲਾਫ਼ ਸਖ਼ਤ ਕਾਰਵਾਈ ਜ਼ਰੂਰੀ ਹੈ ਤਾਂ ਜੋ ਆਮ ਨਾਗਰਿਕ ਨੂੰ ਸੁਰੱਖਿਅਤ ਅਤੇ ਨਿਆਇਕ ਵਾਤਾਵਰਨ ਮਿਲ ਸਕੇ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠੀ ਸੂਬਾ ਸਰਕਾਰ ਲੋਕਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਅਤੇ ਪ੍ਰਸ਼ਾਸਨਿਕ ਪੱਧਰ ‘ਤੇ ਭਰੋਸਾ ਪੈਦਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨਸ਼ਾ ਵਿਰੁੱਧ ਮੁਹਿੰਮ ਵਿਚ ਕੋਈ ਵੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਉਹ ਰੁਟੀਨ ਮੁਲਾਕਾਤਾਂ ਦੇ ਜ਼ਰੀਏ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਉਨ੍ਹਾਂ ਦੇ ਮਸਲੇ ਤੁਰੰਤ ਹੱਲ ਕਰਨ ਨੂੰ ਆਪਣੀ ਜ਼ਿੰਮੇਵਾਰੀ ਸਮਝਣ। ਉਨ੍ਹਾਂ ਕਿਹਾ ਕਿ ਆਮ ਲੋਕ ਜੋ ਆਪਣੇ ਕੰਮ ਕਰਵਾਉਣ ਲਈ ਦਫ਼ਤਰਾਂ ਦੇ ਚੱਕਰ ਲਗਾਉਂਦੇ ਹਨ, ਉਨ੍ਹਾਂ ਨੂੰ ਕੋਈ ਵੀ ਅਣਚਾਹੀ ਰੁਕਾਵਟ ਜਾਂ ਪਰੇਸ਼ਾਨੀ ਨਾ ਆਉਣ ਦਿੱਤੀ ਜਾਵੇ।ਉਨਾ ਕਿਹਾ ਕਿ ਲੰਬਿਤ ਪਏ ਕੇਸਾਂ ਨੂੰ ਤੁਰੰਤ ਨਿਪਟਾਇਆ ਜਾਵੇ ਅਤੇ ਪੁਲਿਸ ਵਿਭਾਗ ਦੇ ਅੰਦਰ ਥਾਣਾ ਪੱਧਰ ਤੇ ਹੋ ਰਹੀ ਕਿਸੇ ਵੀ ਕਿਸਮ ਦੀ ਲਾਪਰਵਾਹੀ ਜਾਂ ਕਸੂਰਵਾਰੀ ਨੂੰ ਸਖ਼ਤੀ ਨਾਲ ਲਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਨੂੰ ਆਪਣੇ ਕਾਰਜ-ਸ਼ੈਲੀ ਵਿਚ ਪਾਰਦਰਸ਼ਤਾ ਲਿਆਉਣੀ ਚਾਹੀਦੀ ਹੈ ਤਾਂ ਜੋ ਜਨਤਾ ਵਿਚ ਵਿਸ਼ਵਾਸ ਬਣਿਆ ਰਹੇ। ਇਸ ਮੌਕੇ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਅਧਿਕਾਰੀਆਂ ਨੂੰ ਕਿਹਾ ਕਿ ਰਾਜਪੁਰਾ ਹਲਕੇ ਦੇ ਅੰਦਰ ਜਿਨ੍ਹਾਂ ਸੜਕ ਪੁਆਇੰਟਾਂ ’ਤੇ ਆਵਾਜਾਈ ਵੱਧ ਹੈ, ਉੱਥੇ ਟ੍ਰੈਫਿਕ ਕੰਟਰੋਲ ਲਾਈਨ ਰੋਡ ਮੈਪ ਤਿਆਰ ਕਰਕੇ ਸਫ਼ਲਤਾ ਨਾਲ ਆਵਾਜਾਈ ਨੂੰ ਸੁਧਾਰਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਆਵਾਜਾਈ ‘ਚ ਆ ਰਹੀਆਂ ਰੁਕਾਵਟਾਂ ਕਾਰਨ ਜਿਹੜੀਆਂ ਸੜਕ ਜਾਮ ਜਾਂ ਹਾਦਸਿਆਂ ਦੀ ਸੰਭਾਵਨਾ ਬਣਦੀ ਹੈ, ਉਹਨਾਂ ਤੋਂ ਨਿਜਾਤ ਮਿਲੇ।ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਗੈਰ-ਕਾਨੂੰਨੀ ਮਾਈਨਿੰਗ, ਮਿੱਟੀ ਭਰਨ ਵਾਲੇ ਟਿੱਪਰਾਂ ਦੀ ਆੜ ‘ਚ ਹੋ ਰਹੀ ਉਲੰਘਣਾ ਅਤੇ ਸ਼ਹਿਰ ‘ਚ ਭ੍ਰਿਸ਼ਟਾਚਾਰ ਦੀ ਵਰਤੋਂ ਕਰ ਰਹੇ ਮਾਫੀਆ ਤੱਤਾਂ ਖ਼ਿਲਾਫ਼ ਵੀ ਪੁਲਿਸ ਫੌਰਨ ਸਖ਼ਤ ਕਾਰਵਾਈ ਕਰੇ।ਵਿਧਾਇਕਾ ਨੇ ਪੁਲਿਸ ਵਿਭਾਗ ਨੂੰ ਯਾਦ ਦਵਾਇਆ ਕਿ ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਇਨਕਾਰ ਕਰਕੇ ਆਮ ਆਦਮੀ ਪਾਰਟੀ ਨੂੰ ਚੁਣਿਆ ਹੈ, ਜਿਸ ਦੇ ਨੁਮਾਇੰਦਿਆਂ ਨੂੰ ਲੋਕੀ ਆਪਣੀ ਆਖ਼ਰੀ ਉਮੀਦ ਸਮਝਦੇ ਹਨ। ਇਸ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਉਹ ਲੋਕੀ ਜੋ ਉਨ੍ਹਾਂ ਦੇ ਦਰ ਤੇ ਆਉਂਦੇ ਹਨ, ਉਨ੍ਹਾਂ ਦੀ ਗੱਲ ਸੁਣ ਕੇ ਉਸ ਨੂੰ ਤੁਰੰਤ ਹੱਲ ਕਰਨ।ਇਸ ਮੌਕੇ ਕਸਤੂਰਬਾ ਇੰਚਾਰਜ ਨਿਸ਼ਾਨ ਸਿੰਘ ਸੰਧੂ,ਐਸ ਐਚ ਓ ਬਨੂੰੜ ਅਕਾਸ਼ਦੀਪ ਸਿੰਘ,ਟ੍ਰੈਫਿਕ ਇੰਚਾਰਜ ਬਨੂੰੜ ਮਨਜੀਤ ਸਿੰਘ, ਟ੍ਰੈਫਿਕ ਇੰਚਾਰਜ ਰਾਜਪੁਰਾ ਗੁਰਬਚਨ ਸਿੰਘ, ਇੰਚਾਰਜ ਬਲਬੀਰ ਸਿੰਘ ਫੋਕਲ ਪੁਆਇੰਟ,ਜੀਤ ਸਿੰਘ ਇੰਚਾਰਜ ਬਸੰਤਪੁਰਾ,ਪੀਸੀਆਰ ਇੰਚਾਰਜ ਕਮਲਜੀਤ ਸਿੰਘ ਸਮੇਤ ਹਲਕਾ ਰਾਜਪੁਰਾ ਵਿੱਚ ਪੈਂਦੇ ਸਮੂਹ ਪੁਲਿਸ ਸਟੇਸ਼ਨਾਂ ਦੇ ਇੰਚਾਰਜ ਅਤੇ ਟ੍ਰੈਫਿਕ ਇੰਚਾਰਜ ਰਾਜਪੁਰਾ ਮੌਜੂਦ ਸਨ।