ਬੀਤੇ ਦਿਨੀਂ ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਕੋ ਐਂਡ ਸਕੂਲ ਐੱਨਟੀਸੀ ਨੰਬਰ 1 ‘ਚ ਇਕ ਸ਼ਰਾਰਤੀ ਵਿਦਿਆਰਥੀ ਵੱਲੋਂ ਸਕੂਲ ਲੱਗਣ ਤੋਂ ਪਹਿਲਾਂ ਬਾਹਰਵੀਂ ਜਮਾਤ ਦੇ ਇਕ ਕਮਰੇ ‘ਚ ਜ਼ਿਆਦਾ ਸੈਂਟ ਛਿੜਕ ਦੇਣ ਨਾਲ ਜਮਾਤ ‘ਚ ਦਾਖ਼ਲ ਹੋਈਆਂ 3 ਵਿਦਿਆਰਥਣਾਂ ਸਮੇਤ 4 ਵਿਦਿਆਰਥੀ ਬੇਹੋਸ਼ ਹੋ ਗਏ। ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਵਿਦਿਆਰਥੀ ਖ਼ਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ।
ਇਸ ਸਬੰਧੀ ਸੂਚਨਾ ਮਿਲਣ ‘ਤੇ ਡੀਐੱਸਪੀ ਸੁਰਿੰਦਰ ਮੋਹਨ ਸਮੇਤ ਹੋਰ ਅਧਿਕਾਰੀ ਹਸਪਤਾਲ ਮੌਕੇ ‘ਤੇ ਪਹੁੰਚ ਗਏ। ਇਸ ਸਬੰਧੀ ਡਾ. ਬਿਪਨਜੀਤ ਸਿੰਘ ਖੋਸਾ ਨੇ ਦੱਸਿਆ ਕਿ ਵਿਦਿਆਰਥੀ ਹੁਣ ਖ਼ਤਰੇ ਤੋਂ ਬਾਹਰ ਹਨ ਤੇ ਜਲਦ ਹੀ ਇਨ੍ਹਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ। ਮੌਕੇ ‘ਤੇ ਆਪਣੇ ਸਟਾਫ ਮੈਂਬਰਾਂ ਨਾਲ ਪਹੁੰਚੇ ਪ੍ਰਿੰਸੀਪਲ ਜਸਬੀਰ ਕੌਰ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਵੇਗੀ ਤਾਂ ਕਿ ਹੋਰ ਵਿਦਿਆਰਥੀ ਸਕੂਲ ‘ਚ ਅਜਿਹੀਆਂ ਸ਼ਰਾਰਤਾਂ ਨਾ ਕਰ ਸਕਣ।