ਪਿੰਡ ਸ਼ਾਮਦੂ ਤੇ ਸ਼ਾਮਦੂ ਕੈਂਪ ਦੇ ਵਾਸੀਆਂ ਨੇ ਫੀਡ ਫੈਕਟਰੀ ਦਾ ਗੇਟ ਬੰਦ ਕਰਕੇ ਕੀਤਾ ਰੋਸ ਪ੍ਰਦਰਸ਼ਨ

ਫੀਡ ਫੈਕਟਰੀ ਵਿੱਚ ਆਉਂਦੇ ਭਾਰੀ ਵਾਹਨਾਂ ਕਾਰਨ ਟੁੱਟ ਚੁੱਕੀ ਸੜਕ ਦੀ ਮੁਰੰਮਤ ਕਰਵਾਉਣ ਦੀ ਕੀਤੀ ਮੰਗ

ਰਾਜਪੁਰਾ,06 ਅਗਸਤ (ਹਿਮਾਂਸ਼ੂ ਹੈਰੀ):ਇਥੋਂ ਨੇੜਲੇ ਪਿੰਡ ਸ਼ਾਮਦੂ ਕੈਂਪ ਵਿਖੇ ਸਥਿਤ ਟੀਡੀ ਅਰੋੜਾ ਫੀਡ ਮਿਲ ਵਿੱਚ ਦਰਜਨਾਂ ਦੀ ਸੰਖਿਆ ਵਿੱਚ ਆਉਂਦੇ ਭਾਰੀ ਵਾਹਨਾਂ ਕਾਰਨ ਵੱਡੇ ਟੋਇਆਂ ਦਾ ਰੂਪ ਧਾਰਨ ਕਰ ਚੁੱਕੀ ਸੜਕ ਕਾਰਨ ਪਰੇਸ਼ਾਨ ਪਿੰਡ ਸ਼ਾਮਦੂ ਅਤੇ ਸ਼ਾਮਦੂ ਕੈਂਪ ਦੇ ਵਸਨੀਕਾਂ ਵੱਲੋਂ ਸਬੰਧਿਤ ਫੀਡ ਫੈਕਟਰੀ ਦਾ ਗੇਟ ਬੰਦ ਕਰਕੇ ਫੈਕਟਰੀ ਪ੍ਰਬੰਧਕਾਂ ਦੇ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕੀਤਾ। ਪਿੰਡ ਵਾਸੀਆਂ ਨੇ ਟੁੱਟ ਚੁੱਕੀ ਸੜਕ ਦੀ ਫੈਕਟਰੀ ਪ੍ਰਬੰਧਕਾਂ ਤੋਂ ਮੁਰੰਮਤ ਕਰਵਾਉਣ ਦੀ ਮੰਗ ਕੀਤੀ।ਜਾਣਕਾਰੀ ਦੇ ਅਨੁਸਾਰ ਪਿੰਡ ਸ਼ਾਮਦੋ ਕੈਂਪ ਵਿਖੇ ਸਥਿਤ ਟੀ ਡੀ ਅਰੋੜਾ ਫੀਡ ਮਿਲ ਦੇ ਗੇਟ ਮੂਹਰੇ ਰੋਸ ਪ੍ਰਦਰਸ਼ਨ ਕਰ ਰਹੇ ਪਿੰਡ ਸ਼ਾਮਦੋ ਦੇ ਸਰਪੰਚ ਜਸਵਿੰਦਰ ਸਿੰਘ ਜੈਲਦਾਰ, ਰਾਜ ਕੁਮਾਰ, ਮਨਪ੍ਰੀਤ ਸਿੰਘ, ਸਤਵੰਤ ਸਿੰਘ, ਮਨਿੰਦਰ ਸਿੰਘ, ਜੀਤ ਸਿੰਘ, ਪਿੰਡ ਸ਼ਾਮਦੋ ਕੈਂਪ ਦੇ ਸਰਪੰਚ ਰਾਜ ਕੁਮਾਰ, ਮੈਂਬਰ ਪੰਚਾਇਤ ਫੂਲ ਚੰਦ, ਨੌਤਨ ਦਾਸ, ਸਾਬਕਾ ਸਰਪੰਚ ਸ਼ਾਮ ਲਾਲ ਸਮੇਤ ਸੈਂਕੜੇ ਪਿੰਡ ਵਾਸੀਆਂ ਜਿਨਾਂ ਦੇ ਵਿੱਚ ਔਰਤਾਂ ਵੀ ਸ਼ਾਮਿਲ ਸਨ ਨੇ ਦੱਸਿਆ ਕਿ ਸਬੰਧਤ ਫੀਡ ਮਿਲਦੇ ਵਿੱਚ ਰੋਜਾਨਾ ਦਰਜਨਾਂ ਦੀ ਗਿਣਤੀ ਦੇ ਵਿੱਚ ਵੱਡੇ ਵੱਡੇ ਟਰੱਕ ਤੇ ਭਾਰੀ ਵਾਹਨ ਪਸ਼ੂਆਂ ਦੀ ਫੀਡ ਅਤੇ ਹੋਰ ਸਮਾਨ ਲੋਡ ਅਤੇ ਅਨਲੋਡ ਕਰਨ ਦੇ ਲਈ ਆਉਂਦੇ ਹਨ। ਇਸ ਤੋਂ ਇਲਾਵਾ ਮਿਲ ਦੇ ਮੂਹਰੇ ਵਾਹਨਾਂ ਦੇ ਖੜਨ ਦੇ ਲਈ ਪਾਰਕਿੰਗ ਦਾ ਪੱਕਾ ਪ੍ਰਬੰਧ ਨਾ ਹੋਣ ਕਾਰਨ ਟਰੱਕ ਸੜਕ ਕਿਨਾਰੇ ਹੀ ਖੜੇ ਰਹਿੰਦੇ ਹਨ ਜਿਹੜੇ ਕਿ ਆਵਾਜਾਈ ਨੂੰ ਪ੍ਰਭਾਵਿਤ ਕਰ ਰਹੇ ਹਨ। ਇਸ ਤੋਂ ਇਲਾਵਾ ਰਾਜਪੁਰਾ ਚੰਡੀਗੜ੍ਹ ਰੋਡ ਤੋਂ ਪਿੰਡ ਸ਼ਾਮਦੋ ਕੈਂਪ ਅਤੇ ਪਿੰਡ ਸ਼ਾਮਦੋ ਤੱਕ ਜਾਣ ਵਾਲੀ ਸੜਕ ਉੱਤੇ ਰੋਜ਼ਾਨਾ ਭਾਰੀ ਵਾਹਨ ਲੰਘਣ ਕਾਰਨ ਸੜਕ ਉੱਤੇ ਵੱਡੇ ਵੱਡੇ ਟੋਏ ਪੈ ਗਏ ਹਨ। ਇਹਨਾਂ ਟੋਇਆ ਦੇ ਵਿੱਚ ਬਰਸਾਤੀ ਪਾਣੀ ਖੜ ਜਾਣ ਕਾਰਨ ਰੋਜ਼ਾਨਾ ਦੋ ਪਈਆਂ ਵਾਹਨਾ ਦੇ ਹਾਦਸੇ ਵਾਪਰ ਰਹੇ ਹਨ। ਜਿੱਥੇ ਇੱਕ ਪਾਸੇ ਸੜਕ ਦੀ ਤਰਸਯੋਗ ਹਾਲਤ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਦੂਜੇ ਪਾਸੇ ਪੈਦਲ ਜਾਣ ਵਾਲੇ ਰਾਹਗੀਰਾਂ ਅਤੇ ਸਕੂਲਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਨੂੰ ਸੜਕ ਉੱਤੇ ਖੜੇ ਗੰਦੇ ਪਾਣੀ ਦੇ ਵਿੱਚੋਂ ਹੀ ਲੰਘ ਕੇ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਐਸਡੀਐਮ ਰਾਜਪੁਰਾ ਅਤੇ ਹਲਕਾ ਰਾਜਪੁਰਾ ਵਿਧਾਇਕਾ ਨੀਨਾ ਮਿੱਤਲ ਦੇ ਧਿਆਨ ਵਿੱਚ ਇਹ ਸਮੱਸਿਆ ਲਿਆ ਚੁੱਕੇ ਹਨ ਪਰ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਨਿਕਲਿਆ। ਜਿਸ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਫੀਡ ਮਿਲਦੇ ਗੇਟ ਮੂਹਰੇ ਫੈਕਟਰੀ ਪ੍ਰਬੰਧਕਾਂ ਦੇ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪਿੰਡ ਵਾਸੀਆਂ ਦਾ ਰੋਸ ਭਖਦਾ ਦੇਖ ਬੱਸ ਸਟੈਂਡ ਪੁਲਿਸ ਵੀ ਪੁੱਜ ਗਈ ਅਤੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ।ਕੀ ਕਹਿੰਦੇ ਹਨ ਪੁਲਿਸ ਚੌਂਕੀ ਇੰਚਾਰਜ- ਇਸ ਸਬੰਧੀ ਬਸ ਸਟੈਂਡ ਪੁਲਿਸ ਚੌਂਕੀ ਇੰਚਾਰਜ ਏਐਸਆਈ ਬਲਵੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪਿੰਡ ਵਾਸੀਆਂ ਅਤੇ ਫੈਕਟਰੀ ਪ੍ਰਬੰਧਕਾਂ ਨੂੰ ਪੁਲਿਸ ਚੌਂਕੀ ਵਿਖੇ ਸੱਦਿਆ ਗਿਆ ਸੀ। ਇਸ ਦੌਰਾਨ ਫੈਕਟਰੀ ਪ੍ਰਬੰਧਕਾਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਹੈ ਕਿ ਬਰਸਾਤਾਂ ਦਾ ਸਮਾਂ ਖਤਮ ਹੋਣ ਦੇ ਹੀ ਸੜਕ ਉੱਤੇ ਬਣੇ ਟੋਇਆਂ ਨੂੰ ਗਟਕੇ ਨਾਲ ਪੂਰ ਕੇ ਸੜਕ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਫੈਕਟਰੀ ਵਿੱਚ ਆਉਣ ਵਾਲੇ ਸੜਕ ਉੱਤੇ ਖੜਦੇ ਵਾਹਨਾਂ ਦੇ ਲਈ ਵੀ ਉਹਨਾਂ ਵੱਲੋਂ ਪਾਰਕਿੰਗ ਦਾ ਪ੍ਰਬੰਧ ਕੀਤਾ ਜਾਵੇਗਾ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਆਪਣਾ ਧਰਨਾ ਸਮਾਪਤ ਕੀਤਾ।
ਫੋਟੋ ਕੈਪਸਨ 1- ਨੇੜਲੇ ਪਿੰਡ ਸ਼ਾਮਦੋ ਕੈਂਪ ਵਿਖੇ ਸਥਿਤ ਫੀਡ ਮਿਲ ਦੇ ਮੁਹਰੇ ਰੋਸ ਪ੍ਰਦਰਸ਼ਨ ਕਰਦੇ ਹੋਏ ਪਿੰਡ ਸ਼ਾਮਦੋ ਅਤੇ ਸ਼ਾਮਦੋ ਕੈਂਪ ਦੇ ਵਸਨੀਕ।

Leave a Reply

Your email address will not be published. Required fields are marked *